Proverbs 10

1ਸੁਲੇਮਾਨ ਦੀਆਂ ਕਹਾਉਤਾਂ, ਬੁੱਧਵਾਨ ਪੁੱਤਰ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤਰ ਮਾਂ ਦੇ ਲਈ ਦੁੱਖ ਦਾ ਕਾਰਨ ਹੈ । 2ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ । 3ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ, ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ ।

4ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ । 5ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ, ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ ।

6ਧਰਮੀ ਦੇ ਸਿਰ ਉੱਤੇ ਬਹੁਤ ਅਸੀਸਾਂ ਹੁੰਦੀਆਂ ਹਨ, ਪਰ ਜ਼ੁਲਮ ਦੁਸ਼ਟਾਂ ਦੇ ਮੂੰਹ ਨੂੰ ਢੱਕ ਲੈਂਦਾ ਹੈ । 7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਮ ਮਿਟ ਜਾਵੇਗਾ ।

8ਮਨ ਦਾ ਬੁੱਧਵਾਨ ਹੁਕਮ ਨੂੰ ਮੰਨਦਾ ਹੈ, ਪਰ ਬਕਵਾਸੀ ਮੂਰਖ ਡਿੱਗ ਪੈਂਦਾ ਹੈ । 9ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ, ਅਤੇ ਜਿਹੜਾ ਟੇਢੀ ਚਾਲ ਚਲਦਾ ਹੈ ਉਹ ਉਜਾਗਰ ਹੋ ਜਾਵੇਗਾ ।

10ਜਿਹੜਾ ਅੱਖਾਂ ਮਟਕਾਉਂਦਾ ਹੈ ਉਹ ਦੂਸਰਿਆਂ ਨੂੰ ਦੁੱਖ ਪਹੁੰਚਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪੈਂਦਾ ਹੈ । 11ਧਰਮੀ ਦਾ ਮੂੰਹ ਜੀਵਨ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ ।

12ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਾਰਿਆਂ ਅਪਰਾਧਾਂ ਨੂੰ ਢੱਕ ਲੈਂਦਾ ਹੈ । 13ਸਮਝ ਵਾਲੇ ਦਿਆਂ ਬੁੱਲ੍ਹਾਂ ਉੱਤੇ ਬੁੱਧ ਲੱਭਦੀ ਹੈ, ਅਤੇ ਬੇਸਮਝ ਦੀ ਪਿੱਠ ਲਈ ਸੋਟੀ ਹੈ ।

14ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਲਿਆਉਂਦਾ ਹੈ । 15ਧਨੀ ਦਾ ਧਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ ।

16ਧਰਮੀ ਦੀ ਮਿਹਨਤ ਜੀਵਨ ਲਈ ਹੁੰਦੀ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ । 17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ ।

18ਜਿਹੜਾ ਵੈਰ ਨੂੰ ਲੁਕੋ ਰੱਖਦਾ ਹੈ ਉਹ ਝੂਠਾ, ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ । 19ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ ।

20ਧਰਮੀ ਦੇ ਬੋਲ ਖਰੀ ਚਾਂਦੀ ਹਨ, ਪਰ ਦੁਸ਼ਟ ਦਾ ਮਨ ਤੁੱਛ ਹੈ । 21ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ ।

22ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ । 23ਮੂਰਖ ਲਈ ਤਾਂ ਪਾਪ ਕਰਨਾ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਵਿੱਚ ਬੁੱਧ ਪਾਈ ਜਾਂਦੀ ਹੈ ।

24ਦੁਸ਼ਟ ਜਿਸ ਬਿਪਤਾ ਤੋਂ ਡਰਦਾ ਹੈ, ਉਹੋ ਉਸ ਉਤੇ ਆਣ ਪਵੇਗੀ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ । 25ਦੁਸ਼ਟ ਵਾਵਰੋਲੇ ਵਾਂਗੂੰ ਲੰਘ ਜਾਂਦਾ ਹੈ, ਪਰ ਧਰਮੀ ਦੀ ਨੀਂਹ ਅਟੱਲ ਹੈ ।

26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ ਹੈ, ਉਸੇ ਤਰ੍ਹਾਂ ਹੀ ਆਲਸੀ ਆਪਣੇ ਭੇਜਣ ਵਾਲਿਆਂ ਲਈ ਹੈ । 27ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੀ ਉਮਰ ਥੋੜ੍ਹੀ ਹੋਵੇਗੀ ।

28ਧਰਮੀ ਦੀ ਆਸ ਉਸ ਦਾ ਅਨੰਦ ਹੈ, ਪਰ ਦੁਸ਼ਟ ਦੀ ਆਸ ਮਿਟ ਜਾਵੇਗੀ । 29ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਗੜ੍ਹ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ । 30ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ ।

31ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ । ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ ।

32

Copyright information for PanULB